ਵਿਆਹ ਦੀ ਵਰੇਗੰਢ ਵਾਲੇ ਦਿਨ ਹੋਈ ਪਤੀ ਦੀ ਮੋਤ
ਕ੍ਰਿਸਮਿਸ ਤੋਂ ਇੱਕ ਦਿਨ ਪਹਿਲਾਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਵਾਪਰੇ ਇੱਕ ਬੱਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਪੰਜਾਬੀ ਕਰਨਜੋਤ ਸਿੰਘ ਸੋਢੀ ਦਾ ਸ਼ਨੀਵਾਰ ਨੂੰ ਰਿਵਰ ਸਾਈਡ ਅੰਤਿਮ ਸਸਕਾਰ ਕੀਤਾ ਗਿਆ ਹੈ। ਜਿਸ ਲਈ ਉਸ ਦਾ ਪਰਿਵਾਰ ਕੈਨੇਡਾ ਪਹੁੰਚ ਗਿਆ ਸੀ। ਅੰਤਮ ਅਰਦਾਸ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿੱਚ ਹੋਈ। ਇਹ ਹਾਦਸਾ ਕੇਲੋਨਾ ਤੋਂ ਵੈਨਕੂਵਰ ਜਾ ਰਹੀ ਬੱਸ ਨਾਲ ਵਾਪਰਿਆ ਸੀ।
ਜਿਸ ਵਿੱਚ 4 ਜਾਨਾਂ ਚਲੀਆਂ ਗਈਆਂ ਸਨ ਅਤੇ ਦਰਜਨ ਤੋਂ ਵੀ ਵੱਧ ਵਿਅਕਤੀਆਂ ਦੇ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਮਿਰਤਕ ਕਰਨਜੋਤ ਸਿੰਘ ਸੋਢੀ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਂ, ਪਤਨੀ ਨਵਜੀਤ ਕੌਰ ਸੋਢੀ, 7 ਸਾਲ ਦੇ ਪੁੱਤਰ ਅਤੇ 3 ਸਾਲ ਦੀ ਧੀ ਨੂੰ ਸਦਾ ਲਈ ਛੱਡ ਗਿਆ ਹੈ।
ਇਸ ਦੇ ਨਾਲ ਹੀ ਇੱਕ ਹੋਰ ਬੁਰੀ ਗੱਲ ਇਹ ਹੋਈ ਕਿ ਜਿਸ ਦਿਨ ਕਰਨਜੋਤ ਸਿੰਘ ਨੇ ਅੱਖਾਂ ਮੀਟੀਆਂ, ਉਸ ਦਿਨ ਉਨ੍ਹਾਂ ਦੇ ਵਿਆਹ ਦੀ ਗਿਆਰਵੀਂ ਵਰ੍ਹੇਗੰਢ ਸੀ। ਪਤਾ ਲੱਗਾ ਹੈ ਕਿ ਕਰਨਜੋਤ ਸਿੰਘ ਇਸ ਤੋਂ ਪਹਿਲਾਂ ਆਸਟ੍ਰੇਲੀਆ ਰਹਿੰਦਾ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਆਇਆ ਸੀ। ਉਹ ਇੱਥੇ ਓਲੀਵਰ ਸ਼ਹਿਰ ਵਿੱਚ ਕੰਮ ਕਰਦਾ ਸੀ।
ਇਸ ਸਮੇਂ ਇਸ ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਨਾ ਹੋਣ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਮੰਦੀ ਹੋ ਗਈ ਹੈ। ਭਾਈਚਾਰੇ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਮਾਲੀ ਹਾਲਤ ਨੂੰ ਸੁਧਾਰਨ ਲਈ ਅਲਬਰਟਾ ਬੱਸ ਕੰਪਨੀ ਤੇ ਅਦਾਲਤੀ ਕਾਰਵਾਈ ਕਰਨੀ ਪਵੇਗੀ।